ਮੂਲ ਮੰਤਰ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
'ਮੂਲ' ਦਾ ਅਰਥ ਮੁਢਲਾ, ਜੜੵ, ਸ਼ੁਰੂਆਤੀ ਅਤੇ 'ਮੰਤਰ' ਦਾ ਅਰਥ ਸਲਾਹ, ਮਸ਼ਵਰਾ
'ਮੰਤਰ' ਸ਼ਬਦ, ਸ਼ਬਦ 'ਮੰਤਰੀ' ਤੋਂ ਹੋਂਦ ਵਿੱਚ ਆਇਆ 'ਮੰਤਰੀ' ਦਾ ਅਰਥ ਸਲਾਹਕਾਰ ਅਤੇ 'ਮੰਤਰ' ਦਾ ਮਤਲਬ ਸਲਾਹ...!!!
ਗੁਰੂ ਨਾਨਕ ਸਾਹਿਬ ਜੋ ਸਾਨੂੰ ਮੁਢਲੀ ਸਲਾਹ ਦੇ ਰਹੇ ਹਨ ਉਹ ਹੈ:
'ੴ' ਭਾਵ ਕਿ ‘ਉਹ ਇੱਕ ਹੈ’ 'ਤੇ ਅਸੀਂ ਵੀ ਉਸ ਵਾਂਗ ਇੱਕ ਹੋਣਾ ਹੈ, ਅੰਦਰੋਂ ਅਤੇ ਬਾਹਰੋਂ, ਜੋ ਸਾਡੇ ਮੁੱਖ ‘ਤੇ ਹੈ, ਉਹੀ ਮਨ ਵਿੱਚ ਹੋਵੇ, ਸਿਰਫ ਦਿਖਾਵੇ ਲਈ ਧਾਰਮਿਕ ਰਸਮਾਂ ਕਰਨੀਆਂ, ਪਹਿਰਾਵਾ ਪਾਉਣਾ ਕਾਫੀ ਨਹੀਂ, ਮਨ ਵਿੱਚੋਂ ਵੀ ਵਿਕਾਰਾਂ ਨੂੰ ਕੱਢਣਾ ਹੈ, ਨਿਮਰਤਾ ਅਤੇ ਗੁਣਾਂ ਨੂੰ ਅਪਨਾਉਣਾ ਹੈ।
'ਸਤਿ ਨਾਮੁ' ਭਾਵ ਕਿ ‘ਉਹ ਸੱਚਾ ਹੈ’ ਉਸਦੇ ਸਾਰੇ ਨਿਯਮ ਹਮੇਸ਼ਾ ਸੱਚ ਹਨ, ‘ਤੇ ਅਸੀਂ ਵੀ ਉਸ ਵਾਂਗ ਸੱਚੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ ਸੱਚੇ।
'ਕਰਤਾ ਪੁਰਖੁ' ਭਾਵ ਕਿ ਇੱਕ ਰਸ ਵਿਆਪਕ, ਸਭ ਥਾਂ ਇੱਕ ਸਮਾਨ ਅਤੇ ਅਸੀਂ ਵੀ ਉਸ ਵਾਂਗ ਇੱਕ ਸਮਾਨ ਹੋਣਾ ਹੈ, ਹਰ ਸਮੇਂ ਅਤੇ ਹਰ ਜੀਵ ਲਈ ਚੰਗੀ ਸੋਚ ਰੱਕਣੀ ਹੈ, ਜੋ ਸੋਚ ਆਪਣੇ ਲਈ ਹੈ, ਉਹੀ ਸੋਚ ਦੂਸਰਿਆਂ ਲਈ ਰੱਖਣੀ ਹੈ, ਜਿਵੇਂ ਆਪਣੀ ਸਫਲਤਾ ‘ਤੇ ਖੁਸ਼ੀ ਮਨਾਉਂਦੇ ਹਾਂ, ਇਹੀ ਖੁਸ਼ੀ ਦੂਸਰੇ ਦੀ ਸਫਲਤਾ ‘ਤੇ ਵੀ ਮਨਾਉਣੀ ਹੈ, ‘ਸਰਬੱਤ ਦਾ ਭਲਾ’ ਦਾ ਸਿਧਾਂਤ ਹਰ ਵਕਤ ਸੋਚ ਵਿੱਚ ਰੱਖਣਾ ਹੈ।
'ਨਿਰਭਉ' ਭਾਵ ਕਿ ਉਸਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਉਸਦੇ ਨਿਯਮ, ਕਾਨੂੰਨ ਸੱਚੇ ਅਤੇ ਵਿਕਾਰ ਰਹਿਤ ਹੈ ਅਤੇ ਅਸੀਂ ਵੀ ਉਸ ਵਾਂਗ ਵਿਕਾਰ ਰਹਿਤ ਹੋ ਕੇ ਡਰ ਤੋਂ ਮੁਕਤ ਹੋਣਾ ਹੈ, ਕਿਉਂਕਿ ਜੇ ਮਨ ਵਿੱਚ ਗਲਤ ਵਿਚਾਰ ਹੋਣਗੇ ਤਾਂ ਡਰ ਪੈਦਾ ਹੋਵੇਗਾ ਅਤੇ ਜੇ ਮਨ ਵਿੱਚ ਪਵਿੱਤਰਤਾ ਹੈ, ਸੱਚ ਹੈ ਤਾਂ ਡਰਨ ਦੀ ਜ਼ਰੂਰਤ ਨਹੀਂ ਪਵੇਗੀ।
'ਨਿਰਵੈਰੁ' ਭਾਵ ਕਿ ਉਹ ਵੈਰ ਰਹਿਤ ਹੈ, ਉਸਦਾ ਕਿਸੇ ਨਾਲ ਵੈਰ, ਵਿਰੋਧ, ਦੁਸ਼ਮਣੀ ਨਹੀਂ ‘ਤੇ ਅਸੀਂ ਵੀ ਉਸ ਵਾਂਗ ਨਿਰਵੈਰ ਹੋ ਕੇ 'ਸਭ ਕੋ ਮੀਤ ਹਮ ਆਪਨ ਕੀਨਾ' ਦੇ ਧਾਰਨੀ ਹੋਣਾ ਹੈ, ਵੈਰ-ਵਿਰੋਧ, ਈਰਖਾਂ ਆਦਿ ਵਿਕਾਰਾਂ ਨੂੰ ਛੱਡ ਕੇ ਗੁਣਾਂ ਨਾਲ ਸਾਂਝ ਪਾਉਣੀ ਹੈ।
'ਅਕਾਲ ਮੂਰਤਿ' ਭਾਵ ਕਿ ਉਸਦਾ ਸਰੂਪ (ਮੂਰਤਿ) ਕਾਲ ਤੋਂ ਪਰ੍ਹੇ (ਅਕਾਲ) ਹੈ ਮਤਲਬ ਜੋ ਭੂਤ ਕਾਲ ਵਿੱਚ ਵੀ ਸੀ, ਵਰਤਮਾਨ ਵਿੱਚ ਵੀ ਹੈ ਅਤੇ ਭਵਿੱਖ ਵਿੱਚ ਵੀ ਹੋਵੇਗਾ ਅਤੇ ਉਸਨੂੰ ਹੀ ਅਸੀਂ ਮੰਨਣਾ ਹੈ।
'ਅਜੂਨੀ' ਉਹ ਜੂਨਾਂ ਤੋਂ ਰਹਿਤ ਹੈ ਭਾਵ ਕਿ ਉਹ ਹਮੇਸ਼ਾ ਸੱਚਾ ਹੈ, ਅਥਾਹ ਗੁਣਾਂ ਦਾ ਮਾਲਕ ਹੈ, ਵਿਕਾਰਾਂ ਦੀਆਂ ਜੂਨਾਂ ਵਿੱਚ ਜੰਮਦਾ-ਮਰਦਾ ਨਹੀਂ, ਹਮੇਸ਼ਾ ਆਪਣੇ ਅਸਲ ਸਰੂਪ ਚ ਮੌਜੂਦ ਹੈ।
'ਸੈਭੰ' ਭਾਵ ਉਹ ਆਪਣੇ ਆਪ ਤੋਂ ਹੀ ਹੋਂਦ ਵਿੱਚ ਆਇਆ ਹੈ, ਕਿਸੇ ਨੇ ਉਸਨੂੰ ਬਣਾਇਆ ਨਹੀਂ, ਉਸ ਸੱਚ ਦਾ ਰੂਪ ਆਪਣੇ-ਆਪ ਹੋਂਦ ਵਿੱਚ ਆਇਆ ਹੈ, ਉਸ ਸੱਚ ਨੂੰ ਹੀ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ।
'ਗੁਰ ਪ੍ਰਸਾਦਿ' ਭਾਵ ਕਿ ਉਹ ਸੱਚ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਕੌਣ ਹੈ....??? ਤਾਂ ਗੁਰੂ ਨਾਨਕ ਸਾਹਿਬ ਦੱਸ ਰਹੇ ਹਨ ਕਿ 'ਸ਼ਬਦੁ ਗੁਰੂ' ਅਤੇ ਆਪਣੀ ਸੁਰਤ ਨੂੰ, ਮਨ ਨੂੰ ਉਸਦਾ ਚੇਲਾ ਬਣਾਉਣ ਦੀ ਗੱਲ ਕਰਦੇ ਹਨ 'ਸੁਰਤਿ ਧੁਨਿ ਚੇਲਾ'....!!!!
{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}
ਸਲੋਕ
ਆਦਿ ਸਚੁ ਜੁਗਾਦਿ ਸਚੁ॥
ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ 'ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮਾਂ ਦੀ ਉਸਤਤ ਕਰਦੇ ਹੋਏ ਸਮਝਾਉਂਦੇ ਹਨ ਕਿ ਇਸ ਸਾਰੀ ਕਾਇਨਾਤ ਦਾ 'ਰਚਣਹਾਰ, ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮ, ਕਾਨੂੰਨ ਅਤੇ ਸਿਧਾਂਤ ਮੁੱਢ (ਆਦਿ) ਤੋਂ ਹੀ ਭਾਵ ਸ਼ੁਰੂ ਤੋਂ ਹੀ ਸੱਚ ਹਨ, ਅਟੱਲ ਹਨ, ਜੁੱਗਾਂ-ਜੁੱਗਾਂ (ਜੁਗਾਦਿ) ਤੋਂ ਹੀ ਆਪਣੇ ਅਟੱਲ ਰੂਪ ਵਿੱਚ ਮੌਜੂਦ ਹਨ,
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥ (ਜਪੁ, ਪੰਨਾ ੧)
‘ਪ੍ਰਮਾਤਮਾ’ (ਉਸਦੇ ਨਿਯਮ) ਵਰਤਮਾਨ (ਹੈ) ਵਿੱਚ ਵੀ ਮੌਜੂਦ ਹੈ, ਸਾਰੀ ਕਾਇਨਾਤ ਵਿੱਚ ਵਰਤ ਰਿਹਾ ਹੈ ਅਤੇ ਭਵਿੱਖ (ਹੋਸੀ) ਵਿੱਚ ਵੀ ਇਸੇ ਤਰ੍ਹਾਂ ਆਪਣੇ ਅਟੱਲ ਰੂਪ ਵਿੱਚ ਹੋਵੇਗਾ! ॥1॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਮੈਂ ਭਾਵੇਂ ਲੱਖਾਂ ਵਾਰ ਸਰੀਰ ਨੂੰ ਸੁੱਚਾ ਰੱਖਣ (ਸੋਚੈ), ਸ਼ੁੱਧ ਕਰਨ ਦਾ ਯਤਨ ਕਰਾਂ ਤਾਂ ਵੀ ਇਸ ਤਰ੍ਹਾਂ ਸੁੱਚ (ਸੋਚਿ) ਰੱਖਣ ਨਾਲ ਮਨ ਸੁੱਚਾ ਨਹੀਂ ਹੋ ਸਕਦਾ, ਮਨ ਸ਼ੁੱਧ ਨਹੀਂ ਹੁੰਦਾ
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭਾਵੇਂ ਲਗਾਤਾਰ (ਲਿਵ ਤਾਰ) ਸਰੀਰਿਕ ਤੌਰ ਤੇ ਚੁੱਪਧਾਰੀ (ਚੁਪੈ) ਰੱਖਾਂ ਤਾਂ ਵੀ ਮਨ ਦੀ ਸ਼ਾਂਤੀ (ਚੁਪ) ਨਹੀਂ ਹੁੰਦੀ, ਭਟਕਣ ਦੂਰ ਨਹੀਂ ਹੁੰਦੀ, ਮਨ ਗੁਣਾਂ ਵੱਲ ਨਹੀਂ ਟਿਕਦਾ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਗੁਰੂ ਨਾਨਕ ਸਾਹਿਬ ਇਨਸਾਨੀ ਸੁਭਾਅ ਦੀ ਗੱਲ ਕਰਦੇ ਹੋਏ ਆਖ ਰਹੇ ਹਨ ਕਿ ਭਾਵੇਂ ਮੈਂ ਸਾਰੀ ਦੁਨੀਆਂ (ਪੁਰੀਆ) ਦੀ ਧਨ-ਦੌਲਤ, ਪਦਾਰਥ ਇਕੱਠੇ ਕਰ ਲਵਾਂ ਤਾਂ ਵੀ ਮਨ ਵਿੱਚੋਂ ਮਾਇਆ ਦੀ ਭੁੱਖ ਨਹੀਂ ਮਿਟਦੀ, ਮਨੁੱਖ ਇਸੇ ਭੁੱਖ ਅਧੀਨ ਵਿਚਰਦਾ ਹੈ ਅਤੇ ਭੁੱਖੇ ਦੀ ਭੁੱਖ ਵਧਦੀ ਜਾਂਦੀ ਹੈ
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥
ਭਾਵੇਂ ਮਨੁੱਖ ਕਿੰਨਾ ਵੀ ਚਾਲਾਕ ਕਿਉਂ ਨਾ ਹੋਵੇ, ਭਾਵੇਂ ਉਹ ਹਜਾਰਾਂ (ਸਹਸ), ਲੱਖਾਂ ਚਤੁਰਾਈਆਂ (ਸਿਆਣਪਾ) ਕਰੇ ਤਾਂ ਵੀ ਵਿਕਾਰਾਂ ਤੋਂ ਨਹੀਂ ਬਚਦਾ, ਇੱਕ ਵੀ ਚਾਲਾਕੀ ਕੰਮ ਨਹੀਂ ਆਉਂਦੀ।!
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਗੁਰੂ ਸਾਹਿਬ ਸਵਾਲ ਕਰਦੇ ਹਨ ਕਿ ਫਿਰ ਇਹ ਵਿਕਾਰਾਂ ਅਤੇ ਗੁਣਾਂ ਵਿਚਾਲੇ ਬਣਿਆ ਝੂਠ ਅਤੇ ਕੂੜ ਦਾ ਪਰਦਾ, ਕੰਧ (ਪਾਲਿ) ਕਿਵੇਂ ਹਟੇ? ਜਿਸਦੇ ਹਟਣ ਨਾਲ ਮਨੁੱਖ ਇੱਕ ਸਚਿਆਰਾ, ਗੁਣਾਂ ਨਾਲ ਭਰਪੂਰ ਕਿਵੇਂ ਬਣ ਸਕਦਾ ਹੈ?
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥
ਅੱਗੇ ਗੁਰੂ ਸਾਹਿਬ ਸਚਿਆਰਾ ਹੋਣ ਦਾ ਤਰੀਕਾ ਦੱਸ ਰਹੇ ਹਨ ਕਿ ਪ੍ਰਮਾਤਮਾ ਦੇ ਜਿਹੜੇ ਗੁਣ ਮਨੁੱਖ ਦੇ ਨਾਲ ਜਨਮ ਤੋਂ ਹੀ ਹਨ, ਉਹਨਾਂ ਦੀ ਰੌਸ਼ਨੀ ਵਿੱਚ ਜੀਵਨ ਜਿਉਣ ਨਾਲ ਇਹ ਵਿਕਾਰਾਂ ਦੀ ਕੰਢ ਹਟ ਸਕਦੀ ਹੈ ਅਤੇ ਮਨੁੱਖ ਵਿਕਾਰਾਂ ਨੂੰ ਛੱਡ ਕੇ ਸਚਿਆਰਾ ਮਨੁੱਖ ਬਣ ਸਕਦਾ ਹੈ ॥1॥
{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}